ਦਰਜਨ ਦੇ ਕਰੀਬ ਭਾਜਪਾ ਵਰਕਰਾਂ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਸੈਂਕੜੇ ਪੁਲੀਸ ਮੁਲਾਜ਼ਮ
ਦਿੱਲੀ ਦੇ ਲਾਲ ਕਿਲਾ ਵਿਖੇ ਗਣਤੰਤਰ ਗਣਤੰਤਰ ਦਿਵਸ ਮੌਕੇ ਨੌਜਵਾਨਾਂ ਵੱਲੋਂ ਤਿਰੰਗਾ ਝੰਡਾ ਦੇ ਨਾਲ ਕੇਸਰੀ ਝੰਡਾ ਲਹਿਰਾਉਣ ਦੇ ਰੋਸ ਵਜੋਂ ਅੱਜ ਬਠਿੰਡਾ ਵਿੱਚ ਭਾਜਪਾ ਵਰਕਰਾਂ ਨੇ ਤਿਰੰਗਾ ਰੈਲੀ ਕੱਢ ਕੇ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਤੇ ਕਾਰਵਾਈ ਦੀ ਮੰਗ ਕੀਤੀ। ਦਰਜਨ ਦੇ ਕਰੀਬ ਭਾਜਪਾ ਵਰਕਰਾਂ ਨੇ ਸਦਭਾਵਨਾ ਚੌਕ ਤੋਂ ਰੈਲੀ ਕੱਢ ਕੇ ਫਾਇਰ ਬ੍ਰਿਗੇਡ ਚੌਕ ਵਿੱਚ ਰਾਸ਼ਟਰੀ ਗਾਣ ਗਾ ਕੇ ਰੈਲੀ ਸਮਾਪਤ ਕੀਤੀ। ਇਸ ਮੌਕੇ ਭਾਜਪਾ ਵਰਕਰਾਂ ਨਾਲੋਂ ਕਈ ਗੁਣਾ ਵੱਧ ਪੁਲੀਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਵਿੱਚ ਲਾਏ ਗਏ।
ਭਾਜਪਾ ਆਗੂ ਆਸ਼ੂਤੋਸ਼ ਤਿਵਾਡ਼ੀ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲਾ ਵਿਖੇ ਕੁਝ ਵਾਮਪੰਥੀ ਸੰਗਠਨਾਂ ਵੱਲੋਂ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਚੱਲਦੇ ਤਿਰੰਗਾ ਝੰਡਾ ਦੇ ਨਾਲ ਕੇਸਰੀ ਝੰਡਾ ਅਤੇ ਕਿਸਾਨੀ ਝੰਡਾ ਲਾਇਆ ਗਿਆ ਹੈ ਜੋ ਕਿ ਦੇਸ਼ ਦੀ ਮਾਣ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਅਤੇ ਦੀਪ ਸੰਧੂ ਵਿਦੇਸ਼ੀ ਫੰਡਿਗ ਲੈ ਕੇ ਕਿਸਾਨੀ ਅੰਦੋਲਨ ਦੀ ਆੜ ਵਿਚ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਾਂ ਜਿਨ੍ਹਾਂ ਤੇ ਤੁਰੰਤ ਐਕਸ਼ਨ ਲੈਂਦਿਆਂ ਸਖ਼ਤ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਪੁਲੀਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕਰਦੇ ਹੋਏ ਸੈਂਕੜੇ ਮਹਿਲਾ ਅਤੇ ਪੁਰਸ਼ ਮੁਲਾਜ਼ਮ ਤੈਨਾਤ ਕੀਤੇ ਗਏ ਜਦਕਿ ਭਾਜਪਾ ਵਰਕਰਾਂ ਦੀ ਗਿਣਤੀ ਦਰਜਨ ਦੇ ਕਰੀਬ ਹੀ ਰਹੀ।

0 Comments